(1)
ਸੁਭਾ ਸਵੇਰੇ ਜਲਦੀ ਉੱਠੋ ,
ਸੈਰ ਕਰਨ ਨੂੰ ਜਾਓ I
ਪੰਛੀ,ਫਸਲਾਂ,ਰੁੱਖ ਵੇਖਕੇ,
ਵਾਪਸ ਘਰ ਨੂੰ ਆਓ I
ਦਾਤਣ-ਕੁਰਲੀ ਕਰਨ ਤੋਂ ਪਿੱਛੋਂ,
ਨਿੱਤ ਦੀ ਨਿੱਤ ਨਹਾਓI
ਵਰਦੀ ਪਾਕੇ ਬੱਚਿਓ,
ਜਲਦੀ ਸਕੂਲ ਵਿੱਚ ਆਓ I |
(2)
ਕੰਮ ਜੋ ਮਿਲਦਾ ਕਰਕੇ ਲਿਆਉਣਾ,
ਇਹ ਨਿਯਮ ਬਣਾਓ I
ਪੈਨਸਿਲ ਹੈ ਨੀ,ਕਾਪੀ ਮੁੱਕ'ਗੀ,
ਨਾ ਕੋਈ ਬਹਾਨਾ ਲਾਓ I
ਯਾਦ ਕਰਨ ਨੂੰ ਦੱਸਿਆ ਜਿਹੜਾ,
ਓਹ ਵੀ ਖੂਬ ਸੁਣਾਓ I
ਵੈਰੀ-ਗੁੱਡ ਲੈਕੇ,
ਚੰਗੇ ਬਾਲ ਬਣ ਜਾਓ I |
(3)
ਉੱਚੀ-ਉੱਚੀ ਬੋਲ-ਬੋਲ ਕੇ,
ਪੜ੍ਹ ਲਓ ਤੁਸੀਂ ਪਹਾੜੇ I
ਸ਼ੇਰ ਜਿਵੇਂ ਜੰਗਲ ਦਾ ਰਾਜਾ,
ਜੰਗਲ ਵਿੱਚ ਦਹਾੜੇ I
ਮਿਹਨਤ ਕਰਕੇ ਕਰੋ ਤਰੱਕੀ,
ਨਹੀਂ ਕਿਸੇ ਤੋਂ ਮਾੜੇ I
ਆਪਣੇ ਬਸਤਿਆਂ ਨੂੰ ,
ਨਾ ਸਮਝੋ ਤੁਸੀਂ ਭਾਰੇ I
|
(4)
ਆਓ ਸਾਰੇ 'ਕੱਠੇ ਹੋਕੇ ,
ਬਾਲ ਸਭਾ ਹੁਣ ਲਾਈਏ I
ਕਵਿਤਾ,ਗੀਤ,ਕਹਾਣੀ ਹੋਵੇ,
ਕੁੱਝ ਨਾ ਕੁੱਝ ਸੁਣਾਈਏ I
ਆਪਣੇ-ਆਪ ਸੁਣਾਕੇ ਜਾਓ,
ਐਵੇਂ ਨਾ ਘਬਰਾਈਏ I
ਧਿਆਨ ਨਾਲ ਸੁਣੋ ਬੱਚਿਓ,
ਹੁਣ ਰੌਲਾ ਨਾ ਪਾਈਏ I |
(5)
ਮੇਜ਼,ਕੁਰਸੀਆਂ,ਪੱਥਰ,ਇੱਟਾਂ,
ਇਹ ਨਿਰਜੀਵ ਨੇ ਚੀਜ਼ਾਂ I
ਆਸੇ-ਪਾਸੇ ਹੋਰ ਵੀ ਵੇਖੋ ,
ਬਟਨ ਜੋ ਲੱਗੇ ਕਮੀਜ਼ਾਂ I
ਇੱਕ ਇਹਨਾਂ ਦੀ ਸੂਚੀ ਬਣਾਓ,
ਪੂਰੀਆਂ ਲਾਕੇ ਰੀਝਾਂ I
ਫੇਰ ਤੁਸੀਂ ਵੇਖੋਂਗੇ ,
ਚੰਗਾ ਬਣੂ ਨਤੀਜਾ I |
(6)
ਗਿਆਨ-ਇੰਦਰੀਆਂ ਪੰਜ ਹੁੰਦੀਆਂ ਨੇ,
ਚੀਜ਼ਾਂ ਵੇਖਣ ਅੱਖਾਂ I
ਨੱਕ ਸੁੰਘਦਾ,ਕੰਨ ਆਵਾਜ਼ਾਂ ਸੁਣਦੇ,
ਤਰ੍ਹਾਂ-ਤਰ੍ਹਾਂ ਦੀਆਂ ਲੱਖਾਂ I
ਚਮੜੀ ਗਰਮ-ਠੰਡੇ ਨੂੰ ਪਰਖੇ,
ਜੀਭ ਨਾਲ ਮੈਂ ਚੱਖਾਂ I
ਗਿਆਨ-ਇੰਦਰੀਆਂ ਨੂੰ,
ਸਾਫ਼-ਸੁਥਰੀਆਂ ਰੱਖਾਂ I |
(7)
ਵੱਡਿਆਂ ਤੋਂ ਨਾ ਕੰਮ ਕਰਵਾਉਣਾ,
ਛੋਟਿਆਂ ਦਾ ਨਾ ਕਰਨਾ I
ਗਣਿਤ,ਹਿੰਦੀ,ਅੰਗਰੇਜ਼ੀ ਕੁਝ ਵੀ,
ਨਾ ਇਹਨਾਂ ਤੋਂ ਡਰਨਾ I
ਆਪਣਾ ਕੰਮ ਆਪੇ ਹੀ ਕਰਨਾ,
ਨਹੀਂ ਏਸ ਤੋਂ ਸਰਨਾ I
ਸੁੰਦਰ-ਲਿਖਾਈ ਕਰਕੇ,
ਪੂਰਾ ਪੇਜ਼ ਹੈ ਭਰਨਾ I |
(8)
ਸਭ ਤੋਂ ਪਹਿਲਾਂ ਯਾਦ ਕਰ ਲਓ,
ਪੱਕਾ ਊੜਾ-ਆੜਾ I
ਵਾਰੀ-ਵਾਰੀ ਪੜ੍ਹਕੇ ਵੇਖੋ,
'ਕੱਲਾ-'ਕੱਲਾ ਪਹਾੜਾ I
ਏਹੇ ਸਾਰੀ ਗੱਲ ਮਿਹਨਤ ਦੀ,
ਨਾ ਕੋਈ ਲਗਦਾ ਭਾੜਾ I
ਕਿਤਾਬਾਂ ਵਿੱਚ ਲਿਖਿਆ,
ਕਦੇ ਨਾ ਬੋਲੋ ਮਾੜਾ I |
(9)
ਹੱਸਦੇ ਉੱਠੋ ਸੁਭਾ-ਸਵੇਰੇ,
ਹੱਸਦੇ ਰੋਜ਼ ਨਹਾਓ I
ਹੱਸਣਾ ਹੀ ਤੰਦਰੁਸਤੀ ਹੁੰਦੀ,
ਆਦਤ ਇਸਦੀ ਪਾਓ I
ਖੁਸ਼ੀ-ਖੁਸ਼ੀ ਵਿੱਚ ਕਰੋ ਪੜ੍ਹਾਈ,
ਐਵੇਂ ਨਾ ਘਬਰਾਓ I
ਬੱਚਿਓ ਹੱਸ-ਹੱਸ ਕੇ,
ਆਪਣਾ ਖੂਨ ਵਧਾਓ I |
(10)
ਬੱਸਾਂ,ਜੀਪਾਂ,ਕਾਰਾਂ,ਗੱਡੀਆਂ,
ਸਾਧਨ ਆਵਾਜਾਈ I
ਇੱਕ ਤੋਂ ਦੂਜੀ ਥਾਂ ਜਾਣ ਲਈ,
ਸਭ ਨੇ ਰੇਸ ਲਗਾਈ I
ਕੁਝ ਚਿਰਾਂ ਵਿੱਚ ਹੀ ਪਹੁੰਚੋ,
ਜਿੱਥੋਂ ਦੀ ਟਿਕਟ ਕਟਾਈ I
ਇਹਨਾਂ ਚੀਜ਼ਾਂ ਨੇ,
ਸਭ ਨੂੰ ਮੌਜ ਬਣਾਈ I |
|